ਉੱਤਰ: ਗੁਰਬਾਣੀ ਇਹ ਨਹੀਂ ਮੰਨਦੀ ਕਿ ਇਨ੍ਹਾਂ ਦੀ ਕੋਈ ਸ਼ਖ਼ਸੀਅਤ ਹੈ।
ਗੁਰਬਾਣੀ ਸਾਰੀ ਦੁਨੀਆ ਨੂੰ ਇਹ ਖਰਾ ਸੱਚ ਸਮਝਾਉਂਦੀ ਹੈ ਕਿ ਜਿਸ ਮਨੁੱਖ ਦਾ ਸੱਚ ਵਾਲਾ
ਜੀਵਨ ਨਹੀਂ ਹੈ, ਉਹ ਸਮਝੋ ਕਿ ਹੈ ਮਨੁੱਖ ਪਰ ਭੂਤ-ਪ੍ਰੇਤ ਵਾਲਾ ਜੀਵਨ ਜਿਊ ਰਿਹਾ ਹੈ।
ਕਬੀਰ ਸਾਹਿਬ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਸਾਰੀ ਦੁਨੀਆ ਨੂੰ
ਸੁਨੇਹਾ ਦੇ ਰਹੇ ਹਨ “ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥ ਤੇ ਘਰ
ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥” (ਗੁਰੂ ਗ੍ਰੰਥ ਸਾਹਿਬ, ਪੰਨਾ 1374) ਜੋ ਮਨੁੱਖ
ਸੱਚ ਨਾਲ ਨਹੀਂ ਜੁੜਦੇ ਹਨ “ਸੇ ਮਨਮੁਖ ਮੂੜ ਬਿਤਾਲੇ ਰਾਮ ॥” (ਗੁਰੂ ਗ੍ਰੰਥ ਸਾਹਿਬ,
ਪੰਨਾ 538) ਵਾਲੀ ਗੱਲ ਹੈ ਭਾਵ ਉਨ੍ਹਾਂ ਦੇ ਜੀਵਨ ਦੀ ਕੋਈ ਤਾਲ ਹੀ ਨਹੀਂ ਹੈ, ਕੋਈ ਚਾਲ
ਹੀ ਨਹੀਂ ਹੈ, ਸੱਚ ਤੇ ਟੁਰ ਹੀ ਨਹੀਂ ਰਹੇ ਹਨ। ਉਹ ਤੇ ਟੇਡਾ ਜੀਵਨ ਜਿਊ ਰਹੇ ਹਨ, ਸਿੱਧੇ
ਪੈਰ ਰੱਖਦੇ ਹੀ ਨਹੀਂ ਹਨ। ਲੋਕੀ ਕਹਿੰਦੇ ਹਨ ਕਿ ਭੂਤ-ਪ੍ਰੇਤ ਨੂੰ ਦੇਖੋ ਉਹਦੇ ਪੈਰ
ਪੁੱਠੇ ਹੁੰਦੇ ਨੇ, ਚੁੜੈਲ ਦੇ ਪੈਰ ਪੁੱਠੇ ਹੁੰਦੇ ਨੇ, ਉਹ ਸਿੱਧੇ ਨਹੀਂ ਟੁਰਦੇ ਹਨ।
ਅਸੀਂ ਜਦੋਂ ਆਪਣੇ ਜੀਵਨ ਵਿੱਚ ਸਿੱਧਾ ਨਹੀਂ ਟੁਰਦੇ ਮਾਨੋ ਭੂਤ-ਪ੍ਰੇਤ ਹਾਂ। ਅਸੀਂ
ਲਿਵਿੰਗ ਟ੍ਰੈਯਰ ਦਾ ਸੈਮੀਨਾਰ ਕੀਤਾ ਸੀ, ‘ਆਤਮਾ’। ਤੁਸੀਂ ਉਸਦੀ ਟੇਪ ਨੂੰ ਧਿਆਨ ਨਾਲ
ਸੁਣੋ, ਅਸੀਂ ਉਸ ਵਿਚ ਇਹ ਵਿਚਾਰਿਆ ਕਿ ਕੋਈ ਆਤਮਾ ਕਿਸੇ ਦੇ ਅੰਦਰ ਵੱੜ ਨਹੀਂ ਜਾਂਦੀ ਹੈ
ਤੇ ਨਾ ਤੁਹਾਡੇ ਸਿਰ ਤੇ ਕੋਈ ਆਤਮਾ ਸਵਾਰ ਹੈ। ਇਹ ਤੁਹਾਨੂੰ ਲੋਕੀ ਭੁਲੇਖਾ ਪਾਉਂਦੇ ਹਨ।
ਗੁਰਬਾਣੀ ਨੂੰ ਪੜ੍ਹੋ, ਸੱਚ ਨੂੰ ਸਮਝੋ ਅਤੇ ਇਹ ਵਿਚਾਰੋ ਕਿ ਇਹ ਤਾਂ ਲੋਕਾਂ ਦੇ ਬਣਾਏ
ਹੋਏ ਢਕੋਸਲੇ ਹਨ। ਤੁਸੀਂ ‘ਗੁਰਮਤ ਮਾਰਤੰਡ’ ਭਾਈ ਕਾਨ੍ਹ ਸਿੰਘ ਜੀ ਨਾਭਾ ਜੀ ਨੂੰ ਪੜ੍ਹੋ,
ਉਹ ਸਾਫ ਲਿਖਦੇ ਨੇ ਇਹ ‘ਜਿੰਨ, ਭੂਤ, ਪ੍ਰੇਤ, ਬੇਤਾਲ’ ਸਿਰਫ ਇਕ ਸੰਗਿਆ ਹੈ। ਗੁਰਮਤ
ਵਿੱਚ ਇਹ ਸੰਗਿਆ ਉਸ ਮਨੁੱਖ ਨੂੰ ਦਿੱਤੀ ਹੋਈ ਹੈ ਜਿਹੜਾ ਸੱਚ ਤੇ ਟੁਰਦਾ ਨਹੀਂ ਹੈ। ਸੱਚ
ਦੀ ਸੰਗਤ ਵਿੱਚ ਬੈਠ ਕੇ ਇਸ ਤਰੀਕੇ ਦੀਆਂ ਵਿਚਾਰਾਂ ਕਰਕੇ ਜਦੋਂ ਤੁਹਾਨੂੰ ਇਹ ਵਾਲੀ ਜੀਵਨ
ਜਾਚ ਸਮਝ ਆ ਜਾਏਗੀ ਤਾਂ ਤੁਹਾਡਾ ਅੰਤਰ-ਆਤਮਾ ਮਜ਼ਬੂਤ ਹੁੰਦਾ ਜਾਏਗਾ, ਪੱਕਾ ਹੁੰਦਾ
ਜਾਏਗਾ, ਤੁਸੀ ਕਿਸੀ ਦੇ ਕਹਿਣ ਤੇ ਇੰਨ੍ਹਾ ਗੱਲ੍ਹਾਂ ਨਾਲ ਡਰੋਗੇ ਨਹੀਂ। ਰਹਿਰਾਸ ਸਾਹਿਬ
ਜੀ ਵਿੱਚ ਰੋਜ਼ ਪੜ੍ਹਦੇ ਹਾਂ “ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ
ਗਵਾਸੀ ॥” (ਗੁਰੂ ਗ੍ਰੰਥ ਸਾਹਿਬ, ਪੰਨਾ 11) ਸੁਖਮਨੀ ਸਾਹਿਬ ਵਿੱਚ ਵੀ ਆਉਂਦਾ ਹੈ
“ਨਿਰਭਉ ਜਪੈ ਸਗਲ ਭਉ ਮਿਟੈ ॥” (ਗੁਰੂ ਗ੍ਰੰਥ ਸਾਹਿਬ, ਪੰਨਾ 293)
ਸੱਚ ਨਾਲ ਜੁੜੋ ਤੁਹਾਡਾ ਸਾਰਾ ਭਉ ਲੱਥ ਜਾਏਗਾ। ਕਿਸੇ ਮਨੁੱਖ ਨੂੰ ਕੋਈ ਆਤਮਾ ਨਹੀਂ ਸਤਾ
ਸਕਦੀ ਇਹ ਤਾਂ ਸਿਰਫ ਇਕ ਭਰਮ-ਵਹਿਮ ਪਾਇਆ ਜਾਂਦਾ ਹੈ, ਮਨੁੱਖ ਇਸ ਭਰਮ ਵਿੱਚ ਡਰਦਾ
ਰਹਿੰਦਾ ਹੈ ਕਿ ਮੈਨੂੰ ਕਿਸੀ ਨੇ ਕੁਝ ਕੀਤਾ ਹੋਇਆ ਹੈ। ਫਿਰ ਕਹਿੰਦੇ ਨੇ ਕਿ ਤੇਰੀ ਨਨਾਣ
ਨੇ ਕੁਝ ਕੀਤਾ ਹੋਣਾ, ਤੇਰੀ ਭਰਜਾਈ ਨੇ ਕੁਝ ਕੀਤਾ ਹੋਣਾ, ਤੇਰੀ ਸੱਸ ਨੇ ਕੁਝ ਕੀਤਾ
ਹੋਣਾ, ਫਲਾਣੀ ਕਿਸੇ ਵਿਧਵਾ ਨੇ ਕੁਝ ਕੀਤਾ ਹੋਣਾ… ਇਹ ਸਾਰੀਆਂ ਗਲਾਂ ਲੋਕਾਂ ਨਾਲ ਦੂਰੀਆਂ
ਪਾਉਣ ਵਾਲੀਆਂ ਹਨ, ਇਨ੍ਹਾਂ ਗੱਲਾਂ ਨਾਲ ਤੁਹਾਡੀ ਦੂਜਿਆਂ ਨਾਲ ਦੁਸ਼ਮਨੀ ਪੈ ਜਾਏਗੀ।
ਬਲਕਿ ਤੁਸੀਂ ਗੁਰਬਾਣੀ ਪੜ੍ਹ ਕੇ ਆਪਣੇ ਅੰਤਰ-ਆਤਮਾ ਵਿੱਚ “ਨਾ ਕੋ ਬੈਰੀ ਨਹੀ ਬਿਗਾਨਾ”
(ਗੁਰੂ ਗ੍ਰੰਥ ਸਾਹਿਬ, ਪੰਨਾ 1299) ਜਿਊਣਾ ਸਿਖੋ। ਕੋਈ ਕਿਸੀ ਤੇ ਕੁਝ ਨਹੀਂ ਕਰਦਾ। ਬਸ
ਇਸ ਤਰੀਕੇ ਨਾਲ ਸਿਖੋਗੇ ਤਾਂ ਤੁਹਾਡੇ ਥੱਲੇ-ਉੱਤੇ, ਅੰਦਰ-ਬਾਹਰ ਕੋਈ ਆਤਮਾ ਤੁਹਾਨੂੰ ਤੰਗ
ਨਹੀਂ ਕਰੇਗੀ ਅਤੇ ਨਾ ਹੀ ਕਰ ਸਕਦੀ ਹੈ ਕਿਉਂਕਿ ਕੋਈ ਭੂਤ-ਪ੍ਰੇਤ, ਆਤਮਾ ਹੁੰਦੀ ਹੀ
ਨਹੀਂ ਹੈ। ਹਰ ਜਗ੍ਹਾ ਮਨੁੱਖ ਹੀ ਮਨੁੱਖ ਦਾ ਦੁਸ਼ਮਨ ਬਣਿਆ ਬੈਠਾ ਹੈ। ਹੁਣ ਜਿਊਂਦੇ ਜੀਅ
ਕਿਸੀ ਇਸਤਰੀ ਨੂੰ ਕਿਸੇ ਆਤਮਾ ਨੇ ਕੀ ਤੰਗ ਕਰਨਾ ਹੈ, ਜਿਸ ਇਸਤਰੀ ਨੂੰ ਕੁੜੀ ਕਹਿ ਕੇ,
ਮਾਂ ਦੇ ਪੇਟ ਦੇ ਅੰਦਰ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੱਤਾ। ਉਨ੍ਹਾਂ ਮਾਂ-ਪਿਉ,
ਡਾਕਟਰ ਜਾਂ ਦਾਦੀ-ਨਾਨੀ ਤੋਂ ਵੱਡਾ ਕਿਹੜੇ ਭੂਤ ਹੋ ਸਕਦੇ ਹਨ, ਜਿਨ੍ਹਾਂ ਨੇ ਪੈਦਾ ਹੋਣ
ਤੋਂ ਪਹਿਲਾਂ ਹੀ ਕੁੜੀ ਨੂੰ ਮਾਰ ਦਿੱਤਾ। ਇਨ੍ਹਾਂ ਗੱਲਾਂ ਦੇ ਭਰਮ-ਵਹਿਮ ਵਿੱਚ ਨਹੀਂ
ਪੈਣਾ। ਦਰਅਸਲ ਅਸੀਂ ਆਪਣੀ ਆਤਮਾ ਉੱਚੀ ਕਰਨੀ ਹੈ, ਸੱਚ ਨਾਲ ਜੁੜਨਾ ਹੈ। ਫਿਰ “ਨਿਰਭਉ
ਜਪੈ ਸਗਲ ਭਉ ਮਿਟੈ ॥” (ਗੁਰੂ ਗ੍ਰੰਥ ਸਾਹਿਬ, ਪੰਨਾ 293) ਵਾਲਾ ਜੀਵਨ ਸਾਨੂੰ ਸਮਝ
ਆਉਂਦਾ ਜਾਏਗਾ।