Weekly Articles By
Veer Bhupinder Singh Ji USA



ਜਪੁ

ਜਪੁ ॥

ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਮੁਢਲੀ ਬਾਣੀ ਹੈ ਜਿਸ ਦਾ ਸਿਰਲੇਖ ਜਪੁ ਹੈ। ਭਾਵ ਰੱਬੀ ਇਕਮਿਕਤਾ ਲਈ ਸਤਿਗੁਰ ਦੀ ਮੱਤ ਲੈਣ ਲਈ ਨਿਜਘਰ ਦੇ ਸੁਨੇਹੇ ਨੂੰ ਦ੍ਰਿੜ੍ਹ ਕਰਨ ਦਾ ਸੁਭਾਅ ਬਣਾਉਣਾ। ਸਚਿਆਰ ਬਣਨ ਲਈ ਮਨ ਦੀ ਮੈਲ (ਕੁੜਿਆਰ ਵਾਲੀ ਅਵਸਥਾ) ਤੋਂ ਛੁੱਟਣ ਦਾ ਤੱਤ ਗਿਆਨਦ੍ਰਿੜ੍ਹ ਕਰਕੇ ਜਿਊਣਾ ਹੀ ਜਪੁਕਹਿਲਾਉਂਦਾ ਹੈ।

ਆਦਿ ਸਚੁ

ਕੂੜਿਆਰ ਤੋਂ ਸਚਿਆਰ ਬਣਨ ਲਈ ਮਨ ਵਿਚ ਇਹ ਧਾਰ ਲੈਣਾ ਹੈ ਕਿ ਰੱਬ ਸ਼ੁਰੂ ਤੋਂ ਸੱਚ ਹੈ ਭਾਵ ਸੱਚ ਹੀ ਰੱਬ ਹੈ ਜੋ ਕਦੀ ਬਦਲਦਾ ਨਹੀਂ ਅਤੇ ਊਣ ਰਹਿਤ ਹੈ।

ਜੁਗਾਦਿ ਸਚੁ ॥

ਜੁਗਾਂ-ਜੁਗਾਂ ਤੋਂ, ਬੇਅੰਤ ਸਮੇਂ ਤੋਂ ਸੱਚ ਹੀ ਰੱਬ ਜੀ ਦਾ ਨਿਯਮ ਹੈ, ਹੁਕਮ ਹੈ। ਇਸੇ ਕਾਰਨ ਸਚਿਆਰ ਬਣਨ ਲਈ ਇਕ-ਇਕ ਚੰਗੇ ਗੁਣ ਦੀ ਘਾੜਤ ਕੇਵਲ ਸੱਚ ਤੇ ਆਧਾਰਤ ਹੈ। ਸਾਰੇ ਸਰੀਰ ਅਤੇ ਸਮੂਹ ਖਿਆਲਾਂ ਦਾ ਆਧਾਰ ਵੀਸਚੁ ਹੀ ਹੋ ਜਾਂਦਾ ਹੈ। ਭਾਵ ਮਨ ਦੇ ਕਿਸੇ ਵੀ ਖਿਆਲ (ਅੰਗ-ਅੰਗ) ਵਿਚ ਕੂੜ ਨਹੀਂ ਰਹਿੰਦੀ, ਸਾਰਾ ਸਰੀਰ (ਜੁਗ) ਸੱਚ ਹੋ ਜਾਂਦਾ ਹੈ।

ਹੈ ਭੀ ਸਚੁ

ਸਚਿਆਰ ਬਣਨ ਵਾਲੇ ਮਨ ਨੂੰ ਇਸੇ ਪਲ ਭਾਵ ਵਰਤਮਾਨ ਵਿਚ (ਹੈ ਭੀ) ਵਿਚ ਜਿਊਣਾ ਆ ਜਾਂਦਾ ਹੈ। ਨਿਜਘਰ ਵਾਲੇ ਰੱਬ (ਸਤਿਗੁਰ) ਅਨੁਸਾਰ ਜਿਊਣ ਦੀ ਦ੍ਰਿੜ੍ਹਤਾ ਵਾਲਾ ਸੁਭਾਅ ਹੋ ਜਾਂਦਾ ਹੈ। ਸਹਿਜ ਵਿਚ ਜਿਊਣਾ ਹੀ ਨਕਦ ਜਿਊਣਾ ਕਹਿਲਾਉਂਦਾ ਹੈ। ਇਸ ਪਲ ਚ ਮਨ ਨੂੰ ਸਮਝ ਪੈਣੀ ਸ਼ੁਰੂ ਹੋ ਜਾਂਦੀ ਹੈ ਕਿ ਮੇਰੇ ਸਾਰੇ ਸਰੀਰ ਤੇ ਕੁਦਰਤ ਦੇ ਨਿਯਮ-ਹੁਕਮ ਲਾਗੂ ਹੋ ਰਹੇ ਹਨ। ਇਸ ਕਰਕੇ ਰੱਬੀ ਰਜ਼ਾ, ਨਿਜਘਰ ਦੇ ਸੁਨੇਹੇ (ਧੁਰ ਦੀ ਬਾਣੀ) ਅਧੀਨ ਜਿਊਣ ਵਿਚ ਹੀ ਮਨ ਅਤੇ ਤਨ ਦੀ ਭਲਾਈ ਹੈ। ਇਸੇ ਸਦਕਾ ਪਲ-ਪਲ ਮੇਰੀ ਜੀਵਨ ਜਾਚ ਸਦੀਵੀਂ ਸੱਚ ਅਨੁਸਾਰ ਦ੍ਰਿੜ੍ਹ (ਜਪੁ) ਹੁੰਦੀ ਜਾਂਦੀ ਹੈ। ਓੜਕ ਮੇਰਾ ਮਨ ਸੱਚੇ ਨਾਲ ਇਕ ਮਿਕ ਹੋਣ ਦੀ ਅਵਸਥਾ ਮਾਣਦਾ ਹੈ।

ਨਾਨਕ ਹੋਸੀ ਭੀ ਸਚੁ ॥1

ਨਾਨਕ ਪਾਤਸ਼ਾਹ ਨੇ ਜੋ ਰੱਬੀ ਇਕਮਿਕਤਾ ਮਹਿਸੂਸ ਕੀਤੀ ਉਸੇ ਅਨੁਸਾਰ ਦ੍ਰਿੜ ਕਰਾਇਆ ਕਿ ਕੇਵਲ ਨਿਜਘਰ ਵਾਲੇ ਰੱਬੀ ਸੁਨੇਹੇ (ਸਤਿਗੁਰ) ਅਨੁਸਾਰ ਜਿਊਣ ਨਾਲ ਰੱਬੀ ਇਕਮਿਕਤਾ ਪ੍ਰਾਪਤ ਹੁੰਦੀ ਹੈ ਕਿਉਂਕਿ ਮਨ ਆਪਣੀ ਕੂੜੀ ਮੱਤ ਤੋਂ ਛੁੱਟ ਚੁੱਕਾ ਹੁੰਦਾ ਹੈ। ਨਿਰਮਲ ਮਨ ਦੀ ਅਵਸਥਾ ਹੀ ਦ੍ਵੈਤ ਤੋਂ ਅਦ੍ਵੈਤ ਭਾਵ ਦੋ ਤੋਂ ਇਕ ਹੋਣਾ ਹੈ। ਭਾਵ ਦੁਬਿਧਾ ਤੋਂ ਛੁੱਟ ਚੁੱਕਾ ਮਨ ਹੀ ਰੱਬ ਨਾਲ ਇਕਮਿਕ ਹੁੰਦਾ ਹੈ।

ਜੋਤੀ ਜੋਤਿ ਰਲੀ ਸੰਪੁਰਨੁ ਥੀਆ ਰਾਮ ॥

ਸਚਿਆਰ ਬਣਨ ਵਾਲੇ ਮਨ ਨੂੰ ਕਿਹਾ ਜਾ ਰਿਹਾ ਹੈ ਕਿ ਸੱਚੇ ਦੇ ਅਨੁਸਾਰ ਜਿਊਣ ਸਦਕਾ ਸੱਚ ਨਾਲ ਭਾਵ ਰੱਬ ਨਾਲ ਇਕਮਿਕਤਾ ਹੁੰਦੀ ਜਾਂਦੀ ਹੈ। ਐ ਮਨ ! ਇਸ ਤਤ ਗਿਆਨ ਨੂੰ ਜਿਊ ਕੇ ਸੱਚ ਨਾਲ ਅਭੇਦ ਹੋ ਹੀ ਜਾਈਦਾ ਹੈ, ਹੋ ਹੀ ਸਕੀਦਾ ਹੈ, ਹੋ ਹੀ ਜਾਵੇਂਗਾ। ਸੋ ਇਸ ਨੂੰ ਦ੍ਰਿੜ੍ਹ ਕਰ ਲੈ ਤਾਂ ਕਿ ਤੂੰ ਨਿਜਘਰ ਚ ਇਕਮਿਕ ਹੋ ਜਾਵੇਂ।